ਮੀਰੀ ਪੀਰੀ ਖਾਲਸਾ ਕਾਲਜ ਭਦੌੜ ਸਥਾਪਨਾ ਤੇ ਵਿਕਾਸ
ਇਹ ਕਾਲਜ ਮੀਰੀ ਪੀਰੀ ਦੇ ਮਾਲਕ, ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਂ ਉੱਤੇ ਇਸ ਪੇਂਡੂ ਇਲਾਕੇ ਭਦੌੜ ਵਿੱਚ ਮਿਆਰੀ ਵਿੱਦਿਆ ਮੁਹੱਈਆ ਕਰਾਉਣ ਦੀ ਮਨਸ਼ਾ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਸਵ: ਜਥੇਦਾਰ ਅਵਤਾਰ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਦੂਰਦਰਸ਼ੀ ਸੋਚ ਸਦਕਾ ਤੇ ਇਸ ਇਲਾਕੇ ਦੇ ਐਸ.ਜੀ.ਪੀ.ਸੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਅਤੇ ਸਰਦਾਰ ਅਮਰ ਸਿੰਘ ਬੀ.ਏ.ਦੇ ਅਣਥੱਕ ਯਤਨਾਂ ਸਦਕਾ ਸਾਲ 2009 ਵਿੱਚ ਸਥਾਪਤ ਹੋਇਆ। ਇਸ ਕਾਲਜ ਦਾ ਨੀਂਹ ਪੱਥਰ ਪੰਜਾਬ ਦੇ ਉਸ ਸਮੇਂ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਰ ਕਮਲਾਂ ਨਾਲ ਮਿਤੀ 29-01-2009 ਨੂੰ ਰੱਖਿਆ।ਇਹ ਕਾਲਜ ਇਤਿਹਾਸਕ ਕਸਬਾ ਭਦੌੜ ਵਿੱਚ ਬਰਨਾਲਾ ਬਾਜਾਖਾਨਾ ਮੇਨ ਰੋਡ ਉੱਤੇ ਲਗਭਗ 12 ਏਕੜ ਵਿੱਚ ਫੈਲਿਆ, ਆਧੁਨਿਕ ਤਕਨੀਕ ਨਾਲ ਲੈਸ, ਵਿਸ਼ਾਲ ਕੈਂਪਸ ਵਾਲਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਕਾਲਜ ਹੈ। ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਣਾਏ ਗਏ ਡਾਇਰੈਕਟੋਰੇਟ ਆਫ ਐਜੂਕੇਸ਼ਨ, ਬਹਾਦਰਗੜ੍ਹ ਦੀ ਡਾਇਰੈਕਟਰ, ਪ੍ਰਸਿੱਧ ਵਿੱਦਿਆ ਸ਼ਾਸਤਰੀ ਡਾ.ਤੇਜਿੰਦਰ ਕੌਰ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਚੱਲ ਰਿਹਾ ਹੈ। ਕਾਲਜ ਦੇ ਅਧਿਆਪਕ ਬਹੁਤ ਹੀ ਉੱਚ ਯੋਗਤਾ ਵਾਲੇ ਅਤੇ ਤਜਰਬੇਕਾਰ ਸਿੱਖਿਆ ਸ਼ਾਸਤਰੀ ਹਨ ਜੋ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕਾਲਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ, ਜਿਸ ਕਾਰਨ ਇਸ ਕਾਲਜ ਨੇ ਵਿਦਿੱਆ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ ।